ਸਾਡਾ ਮਕਸਦ , ਸਾਡਾ ਟੀਚਾ
ਮੁਫ਼ਤ ਰਹਿਣ-ਸਹਿਣ, ਮੁਫ਼ਤ ਖਾਣ-ਪੀਣ,ਮੁਫ਼ਤ ਸਕੂਲੀ ਸਿੱਖਿਆ,
ਮੁਫ਼ਤ ਕੀਰਤਨ ਸਿੱਖਿਆ ਅਤੇ ਮੁਫ਼ਤ ਗੱਤਕੇ ਦੀ ਸਿਖਲਾਈ ਦੇ ਕੇ,
ਗੁਰ ਅਸੀਸ ਸਦਕਾ ਬੱਚੀਆਂ (ਕੁੜੀਆਂ) ਨੂੰ ਗੁਰਮਤਿ ਗਾਡੀ ਰਾਹ ਤੇ
ਚੱਲਣ ਲਈ ਪ੍ਰੇਰਿਤ ਕਰਦੇ ਹਾਂ। ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾ ਕੇ,
ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ ਕੇ,ਗੁਰੁ ਗੋਬਿੰਦ ਸਿੰਘ ਪਾਤਸ਼ਾਹ
ਦੀਆਂ ਸ਼ੇਰਨੀਆਂ ਧੀਆਂ ਬਣ ਕੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੀ
ਸਾਡਾ ਮੁੱਖ ਮਨੋਰਥ ਹੈ। ਆਪਣੇ ਅਮੀਰ ਅਤੇ ਅਨੋਖੇ ਵਿਰਸੇ ਦਾ ਪਰਛਾਵਾਂ ਬਣ
ਕੇ ਕਦਮ-ਦਰ-ਕਦਮ ਅੱਗੇ ਵਧਣਾ ਤੇ ਹੋਰਨਾਂ ਲਈ ਚਾਨਣ ਮੁਨਾਰਾ ਬਣਨਾ ਹੀ
ਸਾਡਾ ਮੁੱਖ ਮਨੋਰਥ ਹੈ। ਆਪਣੀ ਕੌਮ ਦੀ ਜਿੰਮੇਵਾਰੀ ਸਾਂਭਣ ਵਾਲੀਆਂ ਧੀਆਂ ਜਦ
ਗੁਰਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਜਿਉਣਗੀਆਂ ਤਾਂ ਕੋਈ ਇਹ ਨਹੀਂ ਕਹਿ
ਸਕੂਗਾ ਕਿ ਸਿੱਖੀ ਖਤਰੇ ਵਿੱਚ ਹੈ।
ਕੋਈ ਦੂਰ ਦੀ ਗੱਲ ਨਹੀਂ ਦੇਸ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ
ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖ਼ਤ ਵਾਲੇ ਅਣਖ ਆਣ ਵਾਲੇ
ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿੱਚ ਹੀਰੇ ਹੰਢਾਣ ਵਾਲੇ
ਸੀਤਲ' ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ, ਤਖ਼ਤ, ਨਿਸ਼ਾਨ, ਕਿਰਪਾਨ ਵਾਲੇ
ਮੌਜੂਦਾ ਹਾਲਾਤ ਵਿੱਚ ਪੰਜਾਬ ਇੱਕ ਅਜਿਹਾ ਦੇਸ ਹੈ ਜਿੱਥੋਂ ਦਾ ਹਰ ਵਰਗ ਬਚਪਨ, ਜਵਾਨੀ, ਬੁਢਾਪਾ ਆਪਣੇ-ਆਪਣੇ ਤੌਰ ਤੇ ਆਪਣੇ-ਆਪਣੇ ਵਸੀਲਿਆਂ ਨਾਲ ਜ਼ਿੰਦਗੀ ਖਾਤਿਰ ਜੂਝ ਰਿਹਾ ਹੈ। ਪੰਜਾਬ ਦੇ ਬਚਪਨ 'ਤੇ ਜਵਾਨੀ ਨੂੰ ਪੇਸ਼ ਆ ਰਹੀਆਂ ਮੁੱਖ ਮੁਸ਼ਕਿਲਾਂ 'ਚੋਂ ਕੁਛ ਕੁ ਇਹ ਨੇ :-
- ਬੱਚਿਆਂ ਨੂੰ ਬੌਧਿਕ ਪੱਖੋਂ ਕੰਗਾਲ ਕਰਨ ਲਈ ਮਾਂ-ਬੋਲੀ (ਪੰਜਾਬੀ) ਨਾਲੋਂ ਤੋੜਨਾ।
- ਪੰਜਾਬੀ ਮਗਰੋਂ ਪੰਜਾਬੀਅਤ ਦੇ ਖਾਤਮੇ ਵਾਸਤੇ ਅੱਲ੍ਹੜ ਜਵਾਨੀ ਨੂੰ ਮਾਣਮੱਤੇ ਸੱਭਿਆਚਾਰ ਦੀ ਥਾਂਵੇਂ ਲੱਚਰਤਾ ਤੇ ਕੰਜਰਪੁਣੇ
ਵੱਲ ਧੱਕਣਾ। - ਸਿੱਖ ਬੱਚਿਆਂ 'ਚ ਆਪਣੇ ਧਰਮ 'ਤੇ ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਕਰਕੇ ਦੂਜੇ ਧਰਮਾਂ ਵੱਲ ਲਿਜਾਣਾ ।
- ਇਖਲਾਕ ਅਤੇ ਜ਼ਮੀਰ ਪੱਖੋਂ ਕਮਜ਼ੋਰ ਕਰਨ ਲਈ ਗੁਰਬਾਣੀ ਅਤੇ ਸਿੱਖੀ ਸਿਧਾਤਾਂ ਨਾਲੋਂ ਤੋੜਨਾ।
- ਬੇਰੁਜ਼ਗਾਰੀ ਕਾਰਨ ਜਵਾਨੀ ਦੀ ਟੁੱਟਦੀ ਮਾਨਸਿਕਤਾ 'ਤੇ ਲਗਾਤਾਰ ਵੱਧਦਾ ਨਸ਼ਿਆਂ ਦਾ ਦੌਰ , ਜਿਸਦੀ ਲਪੇਟ 'ਚ ਬਚਪਨ ਵੀ ਆ ਰਿਹਾ ਹੈ।
- ਦਿਨੋ-ਦਿਨ ਕਮਜ਼ੋਰ ਪੈਂਦੀ ਆਰਥਿਕਤਾ ਕਾਰਨ ਖੁਦਕੁਸ਼ੀਆਂ ਵੱਲ ਵੱਧਦਾ ਪੰਜਾਬ 'ਤੇ ਰੁਲਦਾ ਭਵਿੱਖ (ਬੱਚੇ)।
- ਬੰਜਰ ਹੁੰਦੀਆਂ ਕੁੱਖਾਂ 'ਤੇ ਨਾਮਰਦ ਹੁੰਦੇ ਗੱਭਰੂ ।
ਇਸ ਤੋਂ ਇਲਾਵਾ ਅਜੋਕੀ ਸਕੂਲੀ ਸਿੱਖਿਆ ਦੇ ਅਸਰ ਹੇਠ ਸਾਡੇ ਬੱਚਿਆਂ ਦਾ ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਜਾਣਾ ,ਗੁਰਮੁਖੀ ਤੋਂ ਦੂਰ ਜਾਣਾ , ਗੁਰਮੁਖੀ ਤੋਂ ਟੁੱਟਣ ਕਾਰਨ ਸਿੱਖ ਇਤਿਹਾਸ 'ਤੇ ਵਿਰਸੇ ਤੋਂ ਦੂਰ ਹੋਣਾ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਣਦਿਸਦੇ ਕਾਰਨ ਹਨ। ਜਿੰਨ੍ਹਾਂ ਕਰਕੇ ਸਾਡੀ ਵਿਲੱਖਣਤਾ ਨੂੰ ਲਗਾਤਾਰ ਖੋਰਾ ਲੱਗ ਰਿਹਾ ਜੋ ਸਾਡੀ ਹੋਂਦ 'ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ?? ਇਹਨਾਂ ਸਾਰੀਆਂ ਮੁਸ਼ਕਿਲਾਂ ਦੀ ਜੇਕਰ ਜੜ੍ਹ ਫੜ੍ਹੀਏ ਤਾਂ ਇਸਦਾ ਹੱਲ ਇੱਕ ਨੁਕਤੇ ਰਾਹੀਂ ਹੋ ਸਕਦਾ ਹੈ ਕਿ ਜੇਕਰ ਅਸੀਂ ਕਿਸੇ ਤਰੀਕੇ ਅਜੋਕੀ ਪੀੜ੍ਹੀ ਸਾਂਭ ਲਈਏ 'ਤੇ ਉਸਤੋਂ ਅਗਲੀ ਪੀੜ੍ਹੀ ਨੂੰ ਪੂਰੀ ਤਰ੍ਹਾਂ ਸਿੱਖ ਸਿਧਾਤਾਂ 'ਚ ਪ੍ਰਪੱਕ ਕਰ ਦਈਏ ਜਿਸ ਨਾਲ ਇੱਕ ਨਵਾਂ ਪੰਜਾਬ ਹੋਂਦ ਵਿੱਚ ਆਵੇ। ਇਸੇ ਨੁਕਤੇ ਤਹਿਤ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ।
ਸਾਡੇ ਬਾਰੇ :-
ਅੱਜ ਤੋਂ 7-8 ਵਰ੍ਹੇ ਪਹਿਲਾਂ ਇੱਕ ਗੱਤਕਾ ਗਰੁੱਪ ਦੀ ਸ਼ੁਰੂਆਤ ਹੋਈ,ਜਿਸ ਨੂੰ ਸੰਸਾਰ ਭਰ ਚ ਕੇਵਲ ਬੱਚੀਆਂ (ਕੁੜੀਆਂ) ਦਾ ਪਹਿਲਾ ਗਰੁੱਪ ਹੋਣ ਦਾ ਮਾਣ ਪ੍ਰਾਪਤ ਹੈ । ਗੱਤਕੇ ਦੇ ਇਤਿਹਾਸ 'ਚ ਵੀ ਇਹ ਪਹਿਲੀ ਵਾਰ ਹੋਇਆ ਸੀ ਕਿ ਬੱਚੀਆਂ ਨੇ ਇੱਕ ਵੱਖਰੀ ਟੀਮ ਵਜੋਂ ਪਛਾਣ ਕਾਇਮ ਕੀਤੀ ਹੋਵੇ। ਇਹ ਗਰੁੱਪ ਹੀ ਅੱਗੇ ਚੱਲ ਕੇ ਇੱਕ ਸੰਸਥਾ ਦੇ ਰੂਪ 'ਚ ਢਲ ਗਿਆ । ਜਿਸ ਵਿੱਚ ਸਿੱਖ ਪਨੀਰੀ ਨੂੰ ਸਾਂਭਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ।
ਵਿਸ਼ੇਸ਼ ਉਪਰਾਲੇ:-
ਬੱਚਿਆਂ ਨੂੰ ਹੋਸਟਲ ਦੀ ਸਹੂਲਤ ਰਾਹੀਂ ਅੱਠੇ ਪਹਿਰ (24 ਘੰਟੇ) ਸਿੱਖ ਰਹਿਤ ਮਰਿਆਦਾ ਲਈ ਦ੍ਰਿੜ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਅੰਮ੍ਰਿਤ ਵੇਲਾ, ਇਸ਼ਨਾਨ, ਸਿਮਰਨ, ਨਿੱਤਨੇਮ, ਪ੍ਰਸ਼ਾਦਾ ਛਕਣ ਵੇਲੇ ਸਲੋਕ, ਅਰਦਾਸ, ਸ਼ੁਕਰ
ਆਦਿਕ। ਬੱਚਿਆ ਨੂੰ ਗੁਰਬਾਣੀ ਦੀ ਸੰਥਿਆ ਕਰਵਾ ਕੇ ਨਿਤਨੇਮ ਵਿੱਚ ਪ੍ਰਪੱਕ ਕਰਨਾ। ਗੁਰਮੁਖੀ ਵਿੱਚ ਬੱਚਿਆਂ ਨੂੰ ਪ੍ਰਪੱਕ
ਕਰਕੇ ਗੁਰਬਾਣੀ ਨੂੰ ਜੀਵਨ ਆਧਾਰ ਬਣਾਉਣਾ। ਬੱਚਿਆਂ ਨੂੰ ਸਾਖੀਆਂ ਰਾਹੀਂ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਕੇ ਆਪਣੇ
ਮਹਾਨ ਵਿਰਸੇ ਨਾਲ ਜੋੜਣਾ । ਆਹਲਾ ਦਰਜੇ ਦੇ ਉਸਤਾਦ ਰੱਖ ਕੇ ਕੀਰਤਨ ਦੀ ਸਿਖਲਾਈ ਦੇਣੀ। ਜੰਗੀ ਪੱਧਰ ਦੀ ਗੱਤਕੇ
ਦੀ ਸਿਖਲਾਈ ਦੇਣੀ। ਧਾਰਮਿਕ ਨਾਵਲ ਤੇ ਸੂਰਬੀਰ ਯੋਧਿਆਂ ਤੇ ਮਹਾਨ ਸ਼ਹੀਦਾਂ ਦੇ ਇਤਿਹਾਸ ਦੀਆਂ ਪੁਸਤਕਾਂ (ਖਾਸ ਕਰਕੇ
ਭਾਈ ਵੀਰ ਸਿੰਘ ਦੀਆਂ ਪੁਸਤਕਾਂ ) ਮੁਫਤ ਦੇ ਕੇ ਪੜ੍ਹਾਉਣੀਆਂ । ਉੱਚੇ- ਸੁੱਚੇ ਜੀਵਨ ਲਈ ਦ੍ਰਿੜ ਕਰਨਾ।ਸਮੇਂ ਸਮੇਂ ਤੇ ਇਤਿਹਾਸਿਕ ਅਤੇ ਧਾਰਮਿਕ ਮੁਕਾਬਲੇ ਕਰਵਾਉਣਾ। ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਣ ਲਈ ਸਾਰਾ ਦਿਨ ਧਾਰਮਿਕ ਅਤੇ ਵਧੀਆ ਸਮਾਜਿਕ ਮਾਹੌਲ ਪ੍ਰਦਾਨ ਕਰਨਾ । ਗੁਰਮੁਖੀ ਲਿਖਣ, ਪੜ੍ਹਣ ਤੇ ਬੋਲਣ ਵੱਲ ਵਿਸ਼ੇਸ਼ ਧਿਆਨ ਦੇਣਾ ਤੇ ਇਸ ਦੇ ਨਾਲ ਹੀ ਨਾਲ ਅੰਗਰੇਜੀ ਮਾਧਿਅਮ ਰਾਹੀਂ ਵਿਗਿਆਨ ਅਤੇ ਗਣਿਤ ਵੱਲ ਉਚੇਚਾ ਧਿਆਨ ਦੇ ਕੇ ਸ਼ੁਰੂ ਤੋਂ ਹੀ ਅੰਗਰੇਜ਼ੀ ਬੋਲਣ,
ਲਿਖਣ ਤੇ ਪੜ੍ਹਨ ਵਿੱਚ ਪ੍ਰਪੱਕ ਕਰਕੇ ਅਜੋਕੇ ਸਾਇੰਸ (ਕੰਪਿਊਟਰ ) ਯੁੱਗ ਦਾ ਹਾਣੀ ਬਣਾਉਣਾ ਤਾਂ ਜੋ ਇਹ ਮਾਂ-ਬੋਲੀ ਪੰਜਾਬੀ
ਦੀਆਂ ਜੜ੍ਹਾਂ ਨਾਲ ਜੁੜ ਕੇ ਵੀ ਵੱਡੇ ਵੱਡੇ ਸਾਇੰਟਿਸਟ, ਇੰਜੀਨੀਅਰ ਤੇ ਡਾਕਟਰ ਵੀ ਬਣ ਸਕਣ । ਵਿਸ਼ੇਸ਼ ਕੰਪਿਊਟਰ ਸਿਖਲਾਈ ਦਾ ਪ੍ਰਬੰਧ। ਜੋ ਕੰਪਿਊਟਰ ਸਿਖਾਇਆ ਜਾਂਦਾ ਹੈ ਉਸਦਾ ਦਰਜਾ ਸਕੂਲੀ ਕੰਪਿਊਟਰ ਸਿਲੇਬਸ ਤੋਂ ਬਹੁਤ ਉੱਚਾ ਹੁੰਦਾ ਹੈ ਜਿਵੇਂ ਕਿ hardware, software (operating system ) , networking , video editing (after effects,premier pro,photoshop etc.)
ਫੋਟੋਗ੍ਰਾਫੀ ((canon mark 3)) ਅਤੇ ਵੀਡੀਓਗ੍ਰਾਫੀ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੰਝੀਆਂ ਹੋਈਆਂ ਸਖਸੀਅਤਾਂ ਤੇ ਸਿੱਖੀ ਸਾਂਚੇ 'ਚ ਢਲੇ ਕਿਰਦਾਰ ਕੌਮ ਦੀ ਝੋਲੀ ਪਾਉਣ ਲਈ ਅਸੀਂ ਇੱਕ ਉਦੇਸ਼, ਇੱਕ ਟੀਚਾ ਮਿੱਥ ਕੇ ਕੰਮ ਕਰ ਰਹੇ ਹਾਂ। ਕਿਰਦਾਰ ਘੜਨਾ ਗੁਰੂ ਦੇ ਹੱਥ ਵੱਸ ਹੈ, ਪਰ ਗੁਰੂ ਹੁਕਮ ਸਦਕਾ ਹੀ ਅਸੀਂ ਸਿਰਤੋੜ ਯਤਨ ਕਰ ਰਹੇ ਹਾਂ ਉਸ ਟੀਚੇ ਤੱਕ ਪੁੱਜਣ ਲਈ। ਇਹ ਉਦੇਸ਼,ਇਹ ਟੀਚਾ ਕੀ ਹੈ ਇਸ ਬਾਰੇ ਗੁਰ ਸੰਗਤ ਨੂੰ ਜਰੂਰ ਦੱਸਣਾ ਚਾਹਵਾਂਗੇ ।
- ਸਿੱਖ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ 'ਧਰਮ ਨਾਲ ਜੋੜਨਾ।
- ਅਜਿਹੀ ਟੀਮ ਦਾ ਨਿਰਮਾਣ ਕਰਨਾ ਜੋ ਸਾਰੀ ਦੁਨੀਆ ਨੂੰ ਦੱਸ ਸਕੇ ਕਿ ਸਿੱਖ ਕੌਣ ਹਨ ਅਤੇ ਸਿੱਖ ਧਰਮ ਕੀ ਹੈ।
- ਜੋ ਸਿੱਖੀ ਦੇ ਮੁੱਢਲੇ ਨਿਯਮ ਹਨ, ਜਿਵੇਂ ਕਿ ਅੰਮ੍ਰਿਤ ਵੇਲੇ ਇਸ਼ਨਾਨ ਫਿਰ ਨਿਤਨੇਮ,ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਸੌਣ ਲੱਗੇ ਕੀਰਤਨ ਸੋਹਿਲਾ, ਉਹਦੇ ਵਿੱਚ ਹਰ ਇੱਕ ਸਿੱਖ ਬੱਚਾ ਪੂਰੀ ਤਰ੍ਹਾਂ ਪਰਪੱਕ ਹੋਵੇ।
- ਧਰਮ ਦੇ ਨਾਲ ਨਾਲ ਰਾਜਨੀਤੀ ਦੀ ਵੀ ਪੂਰੀ ਜਾਣਕਾਰੀ ਹੋਵੇ।
- ਬੱਚਿਆ ਦੀ ਸੋਚ ਨੂੰ ਇੱਥੋਂ ਤਕ ਵਿਕਸਤ ਕਰਨਾ ਕਿ ਉਹ ਹਮੇਸ਼ਾ ਦੁਨੀਆ ਨਾਲੋਂ ਕੁਝ ਵੱਖਰਾ ਕਰਨ ਦੀ ਚਾਹਤ ਰੱਖਦੇ
ਹੋਣ, ਤੇ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਉਸ ਨੂੰ ਕਰਨ ਲਈ ਆਪਣਾ ਤਨ, ਮਨ ਤੇ ਧਨ ਸਭ ਕੁਝ ਝੋਕ ਦੇਣ। - ਸਿੱਖ ਬੱਚਿਆ ਨੂੰ ਪੰਜਾਬੀ ਸਿਖਾਉਣੀ ਤਾਂ ਜੋ ਉਹ ਆਪਣੇ ਰਹਿਬਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸਕਣ, ਸਮਝ
ਸਕਣ ਤੇ ਉਸ ਅਨੁਸਾਰ ਆਪਣੇ ਜੀਵਣ ਨੂੰ ਢਾਲਣ। - ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਹਿੱਤ ਅਜੋਕੀ ਪੀੜ੍ਹੀ 'ਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਜੋ ਕਿ ਬਿਲਕੁੱਲ ਨਾ-ਮਾਤਰ ਹੈ।
- ਅਜਿਹੀ ਟੀਮ ਦਾ ਨਿਰਮਾਣ ਕਰਨਾ ਜੋ ਅੱਜ ਦੇ ਸਮੇਂ ਵਿੱਚ ਨਿੱਘਰ ਚੁੱਕੀਆਂ ਸਮਾਜਿਕ ਕਦਰਾਂ ਕੀਮਤਾਂ ਵਿੱਚ ਸਿੱਖ ਜੀਵਨ ਜਾਚ ਦੇ ਮਾਇਨੇ ਫਿਰ ਤੋਂ ਸਥਾਪਿਤ ਕਰਨ ਲਈ ਤੱਤਪਰ ਰਹੇ।
- ਇਤਿਹਾਸ, ਅਤੇ ਵਿਰਸੇ ਦੇ ਨਾਲ-ਨਾਲ ਉਹਨਾਂ ਨੂੰ ਸਿੱਖ ਰਾਜਨੀਤਿਕ ਚੇਤੰਨਤਾ ਨਾਲ ਜੋੜਨਾ ਤਾਂ ਕਿ ਉਹ ਆਪਣੇ ਕੌਮੀ
ਭਵਿੱਖ ਬਾਰੇ ਜਾਗਰੂਕ ਅਤੇ ਯਤਨਸ਼ੀਲ ਹੋਣ। - ਬਾਣੀ-ਬਾਣੇ ਦੇ ਧਾਰਨੀ ਬਣਾਉਣ ਦੇ ਨਾਲ-ਨਾਲ ਸਿੱਖ ਪ੍ਰਰੰਪਰਾਵਾਂ ਤੋਂ ਜਾਣੂ ਕਰਵਾਉਣਾ
- ਨਾਲ ਹੀ ਸਿੱਖ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੜ੍ਹਾਈ ਅਤੇ ਤਕਨੀਕੀ ਵਿੱਦਿਆ ਮਹੁੱਈਆ ਕਰਵਾਉਣਾ।
ਸਾਡੀਆਂ ਪ੍ਰਾਪਤੀਆਂ:-
- ਫਰਵਰੀ 2012 ਨੂੰ ਹੈਦਰਾਬਾਦ ਵਿਖੇ ਮਲਟੀ ਟੇਲੈਂਟ ਰਿਐਲਟੀ ਸ਼ੋਅ ਵਿੱਚ ਹਿੱਸਾ ਲਿਆ, ਜੋ ਕਿ ਦੱਖਣ ਭਾਰਤ ਦੇ ਕਾਫੀ ਚੈਨਲਾਂ ਤੇ ਪ੍ਰਸਾਰਿਤ ਹੋਇਆ।
- ਜੁਲਾਈ 2013 ਵਿੱਚ ਸਿੱਖ ਸੰਗਤਾ ਦੇ ਸੱਦੇ ਤੇ ਮਲੇਸ਼ੀਆ ਦਾ ਵਿਦੇਸ਼ੀ ਟੂਰ ਲਾਇਆ ਗਿਆ।
- ਮਾਰਚ 2014 ਅਤੇ ਜੁਲਾਈ 2014 ਵਿੱਚ ਰਿਐਲਟੀ ਸ਼ੋਅ entertaiment ke liye kuch bhi krega ਵਿੱਚ ਹਿੱਸਾ
ਲਿਆ ਜੋ ਕਿ sony tv ਤੇ ਪ੍ਰਸਾਰਿਤ ਹੋਇਆ। - ਅਗਸਤ 2015 ਵਿੱਚ ਪੰਜਾਬੀ ਫਿਲਮ ਦੇ ਇੱਕ ਗਾਣੇ ਵਿੱਚ ਕੁੜੀਆਂ ਵੱਲੋਂ ਜਸਪਿੰਦਰ ਨਰੂਲਾ ਤੇ ਸਤਵਿੰਦਰ ਬਿੱਟੀ ਨਾਲ ਗਤਕੇ ਦੀ ਪੇਸ਼ਕਾਰੀ ਕੀਤੀ ਗਈ।
- State level school championship ਵਿੱਚ ਇਸ ਟੀਮ ਦੀਆਂ ਬੱਚੀਆਂ ਲਗਾਤਾਰ 4 ਸਾਲ ਤੋਂ ਅਵੱਲ ਦਰਜਾ ਹਾਸਲ ਕਰ ਰਹੀਆਂ ਹਨ।
ਸਿਰਫ ਬੱਚੀਆਂ (ਕੁੜੀਆਂ) ਹੀ ਕਿਉਂ ਰੱਖਦੇ ਹਾਂ :-
ਵਿਦਵਾਨਾਂ ਦਾ ਕਥਨ ਹੈ ਕਿ ਜੇ ਕਿਸੇ ਕੌਮ ਨੂੰ ਤਰੱਕੀ ਦੀਆਂ ਸਿਖਰਾਂ ਤੇ ਪਹੁੰਚਾਉਣਾ ਹੋਵੇ ਤਾਂ ਉਸਦੀਆਂ ਖੂਬੀਆਂ ਤੀਵੀਂ ਜਾਤ ਵਿੱਚ ਭਰ ਦਿਉ। ਕਿਉਂਕਿ ਆਉਣ ਵਾਲੀ ਸਦੀ ਜਨਨੀ ਦੀ ਕੁੱਖ 'ਚੋਂ ਹੋ ਕੇ ਗੁਜ਼ਰ ਦੀ ਹੈ। ਜਿਸ ਕੌਮ ਦੀਆਂ ਬੀਬੀਆਂ ਬਹਾਦਰ, ਦਲੇਰ 'ਤੇ ਅਣਖ ਵਾਲੀਆਂ ਹੁੰਦੀਆਂ ਹਨ ਉਹ ਕੌਮ ਕਦੇ ਵੀ ਕਿਸੇ ਦੀ ਅਧੀਨਗੀ ਨਹੀਂ ਕਬੂਲਦੀ। ਇਸੇ ਨੀਤੀ ਤਹਿਤ ਅੱਜ ਸਾਡੀਆਂ ਬੀਬੀਆਂ ਦੁਸ਼ਮਣ ਜਮਾਤ ਦੇ ਨਿਸ਼ਾਨੇ 'ਤੇ ਹਨ । ਇਸ ਤੋਂ ਇਲਾਵਾ ਜ਼ਿੰਦਗੀ 'ਚ ਕੁਛ ਵੱਖਰਾ ਸਿੱਖਣ ਜਾਂ ਕਰਨ ਲਈ ਮੁੰਡਿਆਂ ਕੋਲ ਬਹੁਤ ਮੌਕੇ ਹੁੰਦੇ ਹਨ ਪਰ ਕੁੜੀਆਂ ਲਈ ਮੌਕੇ ਪੈਦਾ ਕਰਨੇ ਪੈਂਦੇ ਨੇ। ਜੇਕਰ ਇੱਕ ਕੁੜੀ ਸਿੱਖੀ ਨੂੰ ਅਪਣਾਉਂਦੀ ਹੈ ਤਾਂ ਉਹ (ਪੇਕੇ ਤੇ ਸਹੁਰੇ ) ਦੋਹਾਂ ਪਰਿਵਾਰਾਂ ਨੂੰ ਸਿੱਖੀ 'ਚ ਢਾਲ ਸਕਦੀ ਹੈ । ਅਜੋਕੇ ਭਾਰਤੀ ਮਾਹੌਲ ਕਾਰਨ ਵੀ ਧੀਆਂ ਨੂੰ ਜ਼ਿਆਦਾ ਸਿੱਖਿਅਤ ਕਰਨ ਦੀ ਲੋੜ ਹੈ ਤਾਂ ਕਿ ਉਹਨਾਂ ਦਾ ਸਤ-ਧਰਮ ਸੁਰੱਖਿਅਤ ਰਹਿ ਸਕੇ । ਇਸਦੇ ਨਾਲ ਹੀ ਅਗਲੀ ਪੀੜ੍ਹੀ ਬਦਲਾਅ ਦੇ ਰੂਪ ਵਿੱਚ ਸਿੱਖੀ ਸਾਂਚੇ ਵਿੱਚ ਢਲ ਜਾਂਦੀ ਹੈ ।
ਮੌਜੂਦਾ ਸਮੇਂ 'ਚ ਜੋ ਬੱਚੀਆਂ ਸਾਡੇ ਕੋਲ ਰਹਿ ਰਹੀਆਂ ਜਾਂ ਰਹਿ ਚੁੱਕੀਆਂ ਉਹਨਾਂ ਬਾਰੇ ਅਤੇ ਉਹਨਾਂ ਦੇ ਪਰਿਵਾਰਾਂ ਬਾਰੇ ਥੋੜ੍ਹੀ ਜਿਹੀ ਲੋੜੀਂਦੀ ਜਾਣਕਾਰੀ ਜ਼ਰੂਰ ਦੇਣਾ ਚਾਹਵਾਂਗੇ। ਐਸੇ ਗਰੀਬ ਪਰਿਵਾਰ ਜਿੰਨ੍ਹਾਂ ਦੀ ਗੁੰਜਾਇਸ਼ ਸਿਰਫ ਦੋ ਵੇਲੇ ਦੀ ਰੋਟੀ
ਤੱਕ ਹੈ, ਬੱਚਿਆਂ ਦੀ ਪੜ੍ਹਾਈ, ਲਿਖਾਈ ਤਾਂ ਬੜੀ ਦੂਰ ਦੀ ਗੱਲ ਹੈ ( ਕਿਉਂਕਿ ਇਸ ਮੁਲਕ ਵਿੱਚ ਪੜ੍ਹਾਈ ਬਹੁਤ ਮਹਿੰਗੀ ਹੋ ਚੁੱਕੀ ਹੈ )। ਐਸੇ ਪਰਿਵਾਰਾਂ ਦੀਆਂ ਬੱਚੀਆਂ ਨੂੰ ਲੈ ਕੇ ਅਸੀਂ ਗੱਤਕਾ ਸਿਖਾਇਆ , ਕੀਰਤਨ ਸਿਖਾਇਆ, ਪੜ੍ਹਾਇਆ ਅਤੇ ਬਾਣੀ ਬਾਣੇ 'ਚ ਪ੍ਰਪੱਕ ਕਰਕੇ ਅੰਮ੍ਰਿਤ ਦੀ ਦਾਤ ਲਈ ਪ੍ਰ੍ਰਰਿਆ ਤੇ ਉਹਨਾਂ ਗੁਰੂ ਰਹਿਮ ਸਦਕਾ ਅੰਮ੍ਰਿਤ ਵੀ ਛਕ ਲਿਆ ਹੈ। ਐਸੇ ਪਰਿਵਾਰਾਂ ਦੀਆਂ ਬੱਚੀਆਂ ਇਸ ਵਕਤ ਸਾਡੇ ਕੋਲ ਮੌਜੂਦ ਨੇ। ਪਿਛਲੇ 7-8 ਵਰ੍ਹਿਆਂ ਦੌਰਾਨ ਤਕਰੀਬਨ 50 ਬੱਚੀਆਂ ਇਸ ਸੰਸਥਾ 'ਚ ਰਹੀਆਂ ਜਿੰਨਾਂ ਦਾ ਖਰਚਾ ਗੁਰੂ ਸਾਹਿਬ ਦੀ ਦਇਆ ਸਦਕਾ ਅਸੀਂ ਆਪਣੀ ਕਿਰਤ 'ਚੋਂ ਹੀ ਕੀਤਾ। ਪਰ ਹੁਣ ਬੱਚੀਆਂ ਹੋਰ ਵੀ ਆ ਰਹੀਆਂ ਹਨ ਜਿੰਨ੍ਹਾਂ ਦਾ ਖਰਚਾ ਚੁੱਕਣ ਦੀ ਗੁੰਜਾਇਸ਼ ਸਾਡੇ ਕੋਲ ਨਹੀਂ, ਸੋ ਅਸੀਂ ਗੁਰੂ ਆਸਰੇ ਕੌਮ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਾਂ ਤਾਂ ਕਿ ਗਰੀਬ ਪਰਿਵਾਰਾਂ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਸੰਸਥਾ 'ਚ ਰੱਖ ਕੇ ਗੁਰਸਿੱਖੀ ਨਾਲ ਜੋੜ ਕੇ ਵੱਡੇ ਨਿਸ਼ਾਨੇ ਨੂੰ ਪ੍ਰਾਪਤ ਕਰ ਸਕੀਏ ਅਸੀਂ ਚਾਹੁੰਦੇ ਹਾਂ ਕਿ ਇੱਥੋਂ ਤਿਆਰ ਹੋ ਕੇ ਨਿਕਲਣ ਵਾਲੀ ਸਿੱਖ ਪਨੀਰੀ ਦੇ ਬੂਟੇ
ਵੱਡੇ ਹੋ ਕੇ ਅਜਿਹੇ ਰੁੱਖ ਬਣਨ ਜੋ ਸਾਰੇ ਸੰਸਾਰ ਵਿੱਚ ਸਿੱਖੀ ਦੇ ਝੰਡੇ ਨੂੰ ਬੁਲੰਦੀਆਂ ਦੀ ਚਰਮ ਸੀਮਾ ਤੇ ਪਹੁੰਚਾਉਣ ਲਈ ਸਹਾਈ ਹੋਣ-
ਖਰਚਿਆਂ ਸੰਬੰਧੀ :
ਦੁੱਧ, ਦਹੀਂ,ਰੋਟੀ ਦੇ ਨਾਲ-ਨਾਲ ਬੱਚਿਆਂ ਨੂੰ ਸਮੇਂ-ਸਮੇਂ 'ਤੇ ਫਲ, ਮਠਿਆਈਆਂ, ਤਰ੍ਹਾਂ- ਤਰ੍ਹਾਂ ਦੇ ਪਕਵਾਨ ਆਦਿਕ ਮਹੁੱਈਆ ਕਰਵਾਏ ਜਾਂਦੇ ਹਨ । ਇਸ ਦੇ ਨਾਲ ਹੀ ਹਰ ਬੱਚੇ ਦੀ ਸਕੂਲ ਵਰਦੀ ਤੋਂ ਲੈ ਕੇ ਘਰ ਪਾਉਣ ਕੱਪੜੇ ਵੀ ਸੰਸਥਾ ਵੱਲੋਂ ਦਿੱਤੇ ਜਾਂਦੇ ਹਨ। ਸੰਥਿਆ ਲਈ ਉਸਤਾਦ, ਕੀਰਤਨ ਲਈ ਉਸਤਾਦ,ਟੈਕਨੋਲੋਜੀ ਸਿਖਾਉਣ 'ਤੇ ਆਉਂਦਾ ਖਰਚਾ,ਰੋਟੀ ਪਾਣੀ ਦਾ ਕੁੱਲ
ਖਰਚਾ , ਰੋਟੀ ਪਾਣੀ ਲਈ ਰੱਖੇ ਜਾਂਦੇ ਰਸੋਈਏ , ਕੀਰਤਨ ਲਈ ਲੋੜੀਂਦੇ ਸਾਜ਼ , ਗੱਤਕੇ ਲਈ ਸ਼ਸਤਰ ,ਸਕੂਲ ਦਾ ਖਰਚਾ ,
ਗਰਮੀਆਂ 'ਚ ਕੂਲਰਾਂ ਫਰਿੱਜਾਂ ਆਦਿ ਦਾ ਖਰਚਾ , ਬਿਮਾਰੀ ਦੀ ਹਾਲਤ 'ਚ ਵੀ ਬੱਚੇ ਦਾ ਸਾਰਾ ਖਰਚਾ ਸੰਸਥਾ ਵੱਲੋਂ ਹੀ
ਕੀਤਾ ਜਾਂਦਾ ਹੈ।
ਤੁਹਾਡੀ ਹੱਡ- ਭੰਨਵੀ ਮਿਹਨਤ ਨਾਲ ਕਮਾਇਆ ਪੈਸਾ ਕਿੰਨ੍ਹਾਂ 'ਤੇ ਖਰਚ ਹੋਣ ਜਾ ਰਿਹਾ :-
ਬੇਰੁਜ਼ਗਾਰੀ ਨੇ ਲੋਕਾਂ ਨੂੰ ਗਰੀਬ ਕਰ ਰੱਖਿਆ ਹੈ ਲੋਕਾਂ ਕੋਲ ਬੱਚਿਆਂ ਨੂੰ ਪੜ੍ਹਾਉਣ ਦੀ ਸਮਰੱਥਾ ਨਹੀਂ ਹੈ । ਐਸੇ ਗਰੀਬ
ਪਰਿਵਾਰਾਂ ਦੇ ਬੱਚਿਆਂ ਤੱਕ ਪੜ੍ਹਾਈ ,ਕੀਰਤਨ , ਗੱਤਕਾ , ਸੰਥਿਆ , ਕੰਪਿਊਟਰ , ਫੋਟੋਗ੍ਰਾਫੀ , ਵੀਡੀਓਗ੍ਰਾਫੀ ਨੂੰ ਪਹੁੰਚਾਇਆ
ਜਾ ਰਿਹਾ ਹੈ। ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ (ਪੈਸੇ ਦੇ ਲਾਲਚ ਵਿੱਚ)
ਇਸਾਈ ਧਰਮ ਅਤੇ ਡੇਰਾਵਾਦ ਵੱਲ ਜਾ ਰਹੇ ਹਨ ਉਹਨਾਂ ਨੂੰ ਮੁਫਤ ਦੁਨਿਆਵੀ ਅਤੇ ਧਾਰਮਿਕ ਵਿੱਦਿਆ ਦੇ ਕੇ ਆਪਣਾ ਫ਼ਰਜ
ਨਿਭਾਈਏ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਚਨਾਂ ਤੇ ਪਹਿਰਾ ਦਿੰਦੇ ਹੋਏ ਤੁਸੀਂ ਆਪਣਾ ਸਹਿਯੋਗ ਅਤੇ ਕੀਮਤੀ ਸੁਝਾਅ ਇਸ ਪਤੇ ਤੇ ਭੇਜ ਸਕਦੇ ਹੋ । ਗੁਰਮਤਿ ਦੀ ਕਸੌਟੀ ਤੇ ਖਰੇ ਉੱਤਰਦੇ ਸੁਝਾਵਾਂ ਨੂੰ ਲਾਗੂ ਕਰਨ ਲਈ ਅਸੀਂ ਹਮੇਸ਼ਾ ਤੱਤਪਰ ਰਹਾਂਗੇ।